ਸ਼੍ਰੋਮਣੀ ਅਕਾਲੀ ਦਲ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Shiromany Akali Dal ਸ਼੍ਰੋਮਣੀ ਅਕਾਲੀ ਦਲ: ਅਕਾਲੀ ਦਲ 13 ਦਸੰਬਰ, 1920 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਤੋਂ ਬਾਅਦ ਹੋਂਦ ਵਿਚ ਆਇਆ। ਅਕਾਲੀ ਦਲ ਆਪਣੇ ਆਪ ਨੂੰ ਧਾਰਮਿਕ-ਰਾਜਨੀਤਿਕ ਪਾਰਟੀ ਅਤੇ ਸਿੱਖਾਂ ਦਾ ਮੁੱਖ ਪ੍ਰਤਿਨਿਧ ਸਮਝਦਾ ਹੈ। ਸਰਦਾਰ ਗੁਰਮੁੱਖ ਸਿੰਘ ਏਕੀਕ੍ਰਿਤ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਸੀ , ਪਰੰਤੂ ਮਾਸਟਰ ਤਾਰਾ ਸਿੰਘ ਅਧੀਨ ਹੀ ਅਕਾਲੀ ਦਲ ਨੂੰ ਇਕ ਸ਼ਕਤੀ ਸਮਝਿਆ ਜਾਣ ਲੱਗਾ। ਪਾਰਟੀ ਨੇ ਸੰਤ ਫ਼ਤਹਿ ਸਿੰਘ ਦੀ ਲੀਡਰਸ਼ਿਪ ਅਧੀਨ ਪੰਜਾਬ ਵਿਚ ਸਿੱਖ ਬਹੁ-ਗਿਣਤੀ ਰਾਜ ਦੀ ਸਥਾਪਨਾ ਲਈ ਪੰਜਾਬੀ ਸੂਬਾ ਅੰਦੋਲਨ ਛੇੜਿਆ। 1966 ਵਿਚ ਆਧੁਨਿਕ ਪੰਜਾਬ ਬਣਾਇਆ ਗਿਆ, ਪਰੰਤੂ ਇਸ ਦੀ ਵੰਡ ਨੇ ਦੁੱਖਾਵੇਂ ਵਿਵਾਦ ਪੈਦਾ ਕਰ ਦਿੱਤੇ। ਅਕਾਲੀ ਦਲ ਨੇ ਪੰਜਾਬ ਵਿਚ ਤਾਕਤ ਸੰਭਾਲੀ, ਪਰੰਤੂ ਬਹੁਤ ਵਾਰ ਪਾਰਟੀ ਦੀਆਂ ਸਰਕਾਰਾਂ ਨੂੰ ਸੰਘ ਪੱਧਰ ਤੇ ਸ਼ਾਮਿਲ ਭਾਰਤੀ ਰਾਸ਼ਟਰੀ ਕਾਂਗਰਸ ਨੇ ਬਰਖ਼ਾਸਤ ਕੀਤਾ।

      ਰਾਜਨੀਤਿਕ ਮੋਰਚੇ ਤੇ ਦਲ ਦੀ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਕਿਉਂਕਿ ਇਸ ਨੇ 1984 ਵਿਚ ਸਿੱਧ-ਵਿਰੋਧੀ ਫ਼ਸਾਦਾਂ ਨੂੰ ਹਵਾ ਦਿੱਤੀ ਸੀ। ਰਾਜ ਅਤੇ ਕੇਂਦਰ ਪੱਧਰਾਂ ਤੇ ਇਸ ਦੀ ਰਾਜਨੀਤਿਕ ਹਮਾਇਤੀ ਪਾਰਟੀ, ਭਾਰਤੀਯਾ ਜਨਤਾ ਪਾਰਟੀ ਹੈ। ਕਿਉਂਕਿ ਪੰਜਾਬ ਵਿਚ ਲਗਭਗ 65% ਸਿੱਖ ਹਨ। ਇਸ ਲਈ ਸ੍ਰੋਮਣੀ ਅਕਾਲੀ ਦਲ ਨੂੰ ਇੰਨੇ ਹਿੰਦੂਆਂ ਦੀ ਹਮਾਇਤ ਦੀ ਲੋੜ ਹੈ ਜਿੰਨੇ ਭਾਰਤੀਆ ਜਨਤਾ ਪਾਰਟੀ ਪ੍ਰਾਪਤ ਕਰ ਸਕਦੀ ਹੈ, ਕਿਉਂਕਿ ਇਸ ਤਰ੍ਹਾਂ ਹੀ ਸਥਿਰ ਪ੍ਰਸ਼ਾਸਨ ਕਾਇਮ ਕੀਤਾ ਜਾ ਸਕਦਾ ਹੈ ਅਤੇ ਭਾਰਤੀਆ ਜਨਤਾ ਪਾਰਟੀ ਨੂੰ ਵੀ ਕੇਂਦਰ ਸਰਕਾਰ ਬਣਾਉਣ ਲਈ ਅਕਾਲੀ ਦਲ ਦੇ ਸੰਭਵ ਮੈਂਬਰਾਂ ਦੀ ਲੋੜ ਹੁੰਦੀ ਹੈ।

      ਅਕਾਲੀ ਦਲ ਦਾ ਇਤਿਹਾਸ ਵੰਡਾਂ ਅਤੇ ਧੜ੍ਹੇਬੰਦੀ ਦੀ ਕਹਾਣੀ ਹੈ। ਹਰ ਧੜਾ ਅਸਲੀ ਅਕਾਲੀ ਦਲ ਹੋਣ ਦਾ ਦਾਅਵਾ ਕਰਦਾ ਹੈ। 2003 ਵਿਚ ਸ੍ਰੋਮਣੀ ਅਕਾਲੀ ਦਲ (ਬਾਦਲ), ਜਿਸ ਦਾ ਮੁੱਖੀ ਪ੍ਰਕਾਸ਼ ਸਿੰਘ ਬਾਦਲ ਸੀ, ਸਭ ਤੋਂ ਵੱਡਾ ਧੜਾ ਸੀ ਅਤੇ ਇਸ ਨੂੰ ਭਾਰਤ ਦੇ ਚੋਣ ਕਮਿਸ਼ਨ ਨੇ ਸ੍ਰੋਮਣੀ ਅਕਾਲੀ ਦਲ (ਬਾਦਲ) ਵਜੋਂ ਮਾਨਤਾ ਪ੍ਰਦਾਨ ਕੀਤੀ ਹੋਈ ਹੈ, ਉਸ ਸਮੇਂ ਹੋਰ ਸਰਗਰਮ ਧੜਿਆਂ ਵਿਚ, ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਅਧੀਨ ਸਰਬਹਿੰਦ ਅਕਾਲੀ ਦਲ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਸ੍ਰੋਮਣੀ ਅਕਾਲੀ ਦਲ (ਪੰਥਕ), ਜੋ ਕਾਂਗਰਸ ਵਿਚ ਸ਼ਾਮਲ ਹੋ ਗਿਆ, ਸਰਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਅਧੀਨ ਸ੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਸਵਰਗਵਾਸੀ ਸਰਦਾਰ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਅਧੀਨ ਸ੍ਰੋਮਣੀ ਅਕਾਲੀ ਦਲ (ਲੌਂਗੋਵਾਲ), ਸ੍ਰੋਮਣੀ ਅਕਾਲੀ ਦਲ (1920) ਅਤੇ ਹਰਿਆਣਾ ਸਟੇਟ ਅਕਾਲੀ ਦਲ, ਜੋ ਪਹਿਲਾਂ ਬਾਦਲ ਅਕਾਲੀ ਦਲ ਦਾ ਭਾਗ ਸੀ, ਪਰੰਤੂ ਉਸ ਦੇ ਸਿੱਖ ਅਥਾਰਿਟੀ ਨੂੰ ਚੈਲਿੰਜ ਕਰਨ ਅਤੇ ਅਕਾਲ ਤਖ਼ਤ ਦੇ ਇਕ ਜੱਥੇਦਾਰ ਨੁੰ ਬੇਦਖ਼ਲ ਕਰਨ ਕਾਰਨ ਬਾਦਲ ਅਕਾਲੀ ਦਲ ਤੋਂ ਅਲੱਗ ਹੋਣਾ ਪਿਆ, ਸ਼ਾਮਲ ਹਨ।

      2003 ਵਿਚ ਬਾਦਲ ਅਤੇ ਟੌਹੜਾ ਧੜੇ ਇੱਕਠੇ ਹੋ ਗਏ। ਫ਼ਰਵਰੀ 2007 ਵਿਚ ਪੰਜਾਬ ਰਾਜ ਦੀਆਂ ਚੋਣਾਂ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਸ੍ਰੋਮਣੀ ਅਕਾਲੀ ਦਲ ਨੇ ਕੁਲ 117 ਵਿਚੋਂ 48 ਸੀਟਾਂ ਤੇ ਜਿੱਤ ਪ੍ਰਾਪਤ ਅਤੇ ਪੰਜਾਬ ਵਿਧਾਨ ਸਭਾ ਦੀ ਸਭ ਤੋਂ ਵੱਡੀ ਇਕੋ ਪਾਰਟੀ ਬਣੀ। ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਪੰਜਾਬ ਵਿਚ ਆਪਣੀ ਸਰਕਾਰ ਬਣਾਈ। ਇਸ ਸਮੇਂ ਛੇ ਗਰੁੱਪ ਹਨ ਜੋ ਅਕਾਲੀ ਦਲ ਹੋਣ ਦਾ ਦਾਵ੍ਹਾ ਕਰਦੇ ਹਨ। ਉਹ ਹਨ:-ਅਕਾਲੀ ਦਲ (ਬਾਦਲ), ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ੍ਰੋਮਣੀ ਅਕਾਲੀ ਦਲ ਦਿੱਲੀ , ਹਰਿਆਣਾ ਸਟੇਟ ਅਕਾਲੀ ਦਲ, ਸ੍ਰੋਮਣੀ ਅਕਾਲੀ ਦਲ (ਯੂ.ਕੇ.) ਅਤੇ ਸ੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ)।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਸ਼੍ਰੋਮਣੀ ਅਕਾਲੀ ਦਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸ਼੍ਰੋਮਣੀ ਅਕਾਲੀ ਦਲ: ਗੁਰਦੁਆਰਾ ਸੁਧਾਰ ਲਹਿਰ ਦੇ ਜ਼ੋਰ ਪਕੜਨ ਨਾਲ 12 ਦਸੰਬਰ 1920 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ। ਇਸ ਤੋਂ ਦੋ ਦਿਨ ਬਾਦ 14 ਦਸੰਬਰ 1920 ਈ. ਨੂੰ ‘ਅਕਾਲੀ ਦਲ ’ ਦੀ ਸਥਾਪਨਾ ਕੀਤੀ ਗਈ ਅਤੇ 29 ਮਾਰਚ 1922 ਈ. ਨੂੰ ਇਕ ਮਤੇ ਰਾਹੀਂ ਇਸ ਤੋਂ ਪਹਿਲਾਂ ‘ਸ਼੍ਰੋਮਣੀ’ ਵਿਸ਼ੇਸ਼ਣ ਵੀ ਜੋੜ ਦਿੱਤਾ ਗਿਆ। ਇਸ ਦਲ ਨੂੰ ਬਣਾਉਣ ਪਿਛੇ ਵਖ ਵਖ ਅਕਾਲੀ ਜੱਥਿਆਂ ਵਿਚ ਤਾਲ-ਮੇਲ ਕਾਇਮ ਕਰਨ ਅਤੇ ਗੁਰਦੁਆਰਿਆਂ ਦੇ ਸੁਧਾਰ ਲਈ ਹਰ ਵਕਤ ਤਿਆਰ ਰਹਿਣ ਵਾਲੇ ਇਕ ਜੱਥੇ ਦੀ ਵਿਵਸਥਾ ਕਰਨ ਦੀ ਲੋੜ ਕੰਮ ਕਰ ਰਹੀ ਸੀ। ਇਸ ਦਲ ਦਾ ਪਹਿਲਾ ਪ੍ਰਧਾਨ ਸ. ਸਰਮੁਖ ਸਿੰਘ ਝਬਾਲ ਨੂੰ ਬਣਾਇਆ ਗਿਆ। ਇਸ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਨੂੰ ਗ੍ਰਹਿਣ ਕਰਦਿਆਂ ਹਰ ਮੋਰਚੇ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸਫਲਤਾ ਪ੍ਰਾਪਤ ਕੀਤੀ। ਸਰਕਾਰ ਨੇ 12 ਅਕਤੂਬਰ 1923 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰਕੇ ਇਨ੍ਹਾਂ ਦੇ ਲੀਡਰਾਂ ਅਤੇ ਸੈਂਕੜੇ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

            ਸੰਨ 1925 ਈ. ਵਿਚ ਗੁਰਦੁਆਰਾ ਐਕਟ ਬਣਾ ਕੇ ਸਰਕਾਰ ਨੇ ਸਿੱਖਾਂ ਨੂੰ ਗੁਰਦੁਆਰਿਆਂ ਦੀ ਵਿਵਸਥਾ ਖ਼ੁਦ ਕਰਨ ਦਾ ਅਧਿਕਾਰ ਦੇ ਦਿੱਤਾ। ਪੰਜਾਬ ਦੇ ਸਾਰਿਆਂ ਅਨੁਸੂਚਿਤ ਗੁਰਦੁਆਰਿਆਂ ਨੂੰ ਇਸ ਐਕਟ ਅਧੀਨ ਲਿਆਉਂਦਾ ਗਿਆ। ਜੇਲ੍ਹਾਂ ਵਿਚ ਕੈਦ ਅਕਾਲੀਆਂ ਨੂੰ ਮੁਕਤ ਕਰਨ ਲਈ ਸਰਕਾਰ ਨੇ ਗੁਰਦੁਆਰਾ ਐਕਟ ਦੀ ਪਾਲਨਾ ਕਰਨ ਦੀ ਸ਼ਰਤ ਰਖੀ। ਨਰਮ ਦਲ ਦੇ ਲੀਡਰ ਅਤੇ ਕਾਰਕੁੰਨ ਸ਼ਰਤ ਮੰਨ ਕੇ ਜੇਲ੍ਹਾਂ ਤੋਂ ਬਾਹਰ ਆ ਗਏ। ਪਰ ਗਰਮ-ਦਲੀਆਂ ਨੇ ਸ਼ਰਤ ਨ ਮੰਨੀ ਅਤੇ ਜੇਲ੍ਹਾਂ ਵਿਚ ਕੈਦ ਰਹੇ। ਇਸ ਮੁੱਦੇ ਨੂੰ ਲੈ ਕੇ ਅਕਾਲੀ ਦੋ-ਫਾੜ ਹੋ ਗਏ। ਗੁਰਦੁਆਰਾ ਐਕਟ ਦੇ ਅਧੀਨ 18 ਜੂਨ 1926 ਈ. ਨੂੰ ਪਹਿਲੀ ਚੋਣ ਹੋਈ। ਉਸ ਵੇਲੇ ਗਰਮ-ਦਲੀਏ ਜੇਲ੍ਹਾਂ ਵਿਚ ਹੋਣ ਦੇ ਬਾਵਜੂਦ ਬਹੁਤ ਅਧਿਕ ਸੀਟਾਂ’ਤੇ ਜਿਤ ਪ੍ਰਾਪਤ ਕਰ ਗਏ। ਸਿੱਟੇ ਵਜੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਭੁਤਾ ਵਧ ਗਈ। ਇਸ ਤੋਂ ਬਾਦ ਹੌਲੀ ਹੌਲੀ ਅਕਾਲੀ ਦਲ ਸੁਤੰਤਰ ਰਾਜਨੈਤਿਕ ਪਾਰਟੀ ਵਜੋਂ ਉਭਰ ਕੇ ਸਾਹਮਣੇ ਆ ਗਿਆ। ਇਸ ਨੇ ਆਪਣੀ ਗਤਿਵਿਧੀ ਨੂੰ ਰਾਸ਼ਟਰੀ ਪੱਧਰ ਤੇ ਵਧਾਇਆ। ਗੁਰਦੁਆਰਾ ਐਕਟ ਅਨੁਸਾਰ ਹੋਈ ਚੋਣ ਤੋਂ ਬਾਦ ਬਾਬਾ ਖੜਕ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਵਖ ਹੋ ਕੇ ਸੈਂਟ੍ਰਲ ਅਕਾਲੀ ਦਲ ਬਣਾ ਲਿਆ, ਪਰ ਉਸ ਨੂੰ ਕੋਈ ਕਾਮਯਾਬੀ ਨਸੀਬ ਨ ਹੋਈ। ਦੋਹਾਂ ਦਲਾਂ ਦਾ ਆਪਸ ਵਿਚ ਸਮਝੋਤਾ ਕਰਾਉਣ ਦਾ ਉਦਮ ਵੀ ਕੀਤਾ ਗਿਆ। 8 ਅਪ੍ਰੈਲ 1931 ਈ. ਨੂੰ ਸੈਂਟ੍ਰਲ ਸਿੱਖ ਲੀਗ ਦੇ ਸਾਲਾਨਾ ਇਜਲਾਸ ਵਿਚ ਮਾਸਟਰ ਤਾਰਾ ਸਿੰਘ ਤੋਂ ਪ੍ਰਧਾਨਗੀ ਕਰਵਾਈ ਗਈ ਅਤੇ ਸਿੱਖ ਹਿਤਾਂ ਨਾਲ ਸੰਬੰਧਿਤ 17 ਮੰਗਾਂ ਰਖੀਆਂ ਗਈਆਂ। ਪਰ ਬਾਬਾ ਖੜਕ ਸਿੰਘ ਦਾ ਸੈਂਟ੍ਰਲ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਪ੍ਰਤਿਨਿਧਤਾ ਕਰਨ ਵਾਲਾ ਸਿੱਧ ਨ ਕਰ ਸਕਿਆ। ਫਲਸਰੂਪ ਆਜ਼ਾਦੀ ਮਿਲਣ ਤੋਂ ਬਾਦ ਖ਼ਤਮ ਹੋ ਗਿਆ ਅਤੇ ਬਾਬਾ ਖੜਕ ਸਿੰਘ ਨੇ ਰਾਜਨੀਤੀ ਤੋਂ ਸੰਨਿਆਸ ਲੈ ਲਿਆ।

            ਸ਼੍ਰੋਮਣੀ ਅਕਾਲੀ ਦਲ ਨੇ ਕਾਂਗ੍ਰਸ ਨਾਲ ਰਲ ਕੇ 4 ਜਨਵਰੀ 1937 ਈ. ਨੂੰ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੀਆਂ ਚੋਣਾਂ ਲੜੀਆਂ ਅਤੇ 29 ਸਿੱਖ ਸੀਟਾਂ ਵਿਚੋਂ 15 (10+5) ਉਤੇ ਜਿਤ ਪ੍ਰਾਪਤ ਕੀਤੀ। ਪਰ ਸਤੰਬਰ 1939 ਈ. ਵਿਚ ਛਿੜੀ ਦੂਜੀ ਵਡੀ ਜੰਗ ਸੰਬੰਧੀ ਕਾਂਗ੍ਰਸ ਪਾਰਟੀ ਦੀ ਪਾਲਸੀ ਨਾਲ ਮੁਤਫ਼ਿਕ ਨ ਹੋਣ ਕਾਰਣ ਸ਼੍ਰੋਮਣੀ ਅਕਾਲੀ ਦਲ ਵਖ ਹੋ ਗਿਆ ਅਤੇ ‘ਸਿਕੰਦਰ-ਬਲਦੇਵ ਸਿੰਘ ਪੈਕਟ ’ ਅਧੀਨ ਸ. ਬਲਦੇਵ ਸਿੰਘ ਯੂਨੀਅਨਿਸਟ ਮੰਤਰੀ-ਮੰਡਲ ਵਿਚ ਸ਼ਾਮਲ ਹੋ ਗਿਆ। ਸੰਨ 1940 ਈ. ਵਿਚ ਲਾਹੌਰ ਵਿਚ ਮੁਸਲਿਮ ਲੀਗ ਨੇ ਮੁਸਲਿਮ ਬਹੁ-ਸੰਖਿਆ ਵਾਲੇ ਸੁਤੰਤਰ ਦੇਸ਼ ਦੀ ਸਥਾਪਤੀ ਲਈ ਮਤਾ ਪਾਸ ਕੀਤਾ। ਇਸ ਹਾਨੀਕਾਰਕ ਮਤੇ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਨੇ ‘ਆਜ਼ਾਦ ਪੰਜਾਬ’ ਦਾ ਸੁਝਾਉ ਪੇਸ਼ ਕੀਤਾ ਜਿਸ ਵਿਚ ਦਰਿਆਏ ਚਨਾਬ ਤੋਂ ਲੈ ਕੇ ਦਿੱਲੀ ਤਕ ਦੇ ਇਲਾਕੇ ਨੂੰ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਰਖੀ ਗਈ। ਪਰ ਇਸ ਨੂੰ ਭਰਵਾਂ ਹੁੰਗਾਰਾ ਨ ਮਿਲਿਆ। ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਵਾਲੇ ਸੈਂਟ੍ਰਲ ਅਕਾਲੀ ਦਲ ਨੇ ਵੀ ਇਸ ਦਾ ਵਿਰੋਧ ਕੀਤਾ। ਅੰਤ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੇ ਰਾਜਨੈਤਿਕ ਹਿੱਤਾਂ ਨੂੰ ਕਾਂਗ੍ਰਸ ਨਾਲ ਜੋੜ ਦਿੱਤਾ।

            ਆਜ਼ਾਦੀ ਮਿਲਣ ਤੋਂ ਬਾਦ ਕਾਂਗ੍ਰਸ ਵਲੋਂ ਸਿੱਖਾਂ ਦੇ ਹੱਕਾਂ ਦੀ ਸਹੀ ਢੰਗ ਨਾਲ ਰਾਖੀ ਨ ਕੀਤੀ ਗਈ। ਨ ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਰਾਜ-ਭਾਸ਼ਾ ਬਣਾਇਆ ਗਿਆ ਅਤੇ ਨ ਹੀ ਨੌਕਰੀਆਂ ਵਿਚ ਸਿੱਖਾਂ ਨਾਲ ਵਿਤਕਰਾ ਖ਼ਤਮ ਕੀਤਾ ਗਿਆ। ਇਥੋਂ ਹੀ ਅਕਾਲੀ ਦਲ ਨੇ ਆਪਣਾ ਪੈਂਤੜਾ ਬਦਲ ਲਿਆ ਅਤੇ ਬੋਲੀ ਦੇ ਆਧਾਰ’ਤੇ ਸੂਬੇ ਦੀ ਮੰਗ ਸ਼ੁਰੂ ਹੋ ਗਈ। ਇਸ ਦੌਰਾਨ ਮਾਝੇ ਦੇ ਅਨੇਕ ਅਕਾਲੀ ਲੀਡਰ ਕਾਂਗ੍ਰਸ ਵਿਚ ਸ਼ਾਮਲ ਹੋ ਗਏ। ਇਸੇ ਦੌਰਾਨ ਸੱਚਰ ਫਾਰਮੂਲਾ ਅਤੇ ਰਿਜਨਲ ਫਾਰਮੂਲਾ ਹੋਂਦ ਵਿਚ ਆਏ, ਪਰ ਇਨ੍ਹਾਂ ਨਾਲ ਭਾਸ਼ਾ ਅਤੇ ਰਾਜਨੈਤਿਕ ਮਸਲੇ ਹਲ ਨ ਹੋ ਸਕੇ

            ਅਕਤੂਬਰ 1958 ਈ. ਵਿਚ ਪੰਜਾਬੀ ਸੂਬੇ ਦੀ ਮੰਗ ਤੇਜ਼ ਹੋ ਗਈ। ਸਮਝੌਤੇ ਦੇ ਯਤਨ ਵਜੋਂ ਅਪ੍ਰੈਲ 1959 ਈ. ਵਿਚ ਨਹਿਰੂ-ਤਾਰਾ ਸਿੰਘ ਪੈਕਟ ਬਣਾਇਆ ਗਿਆ, ਪਰ ਸੁਲਹ ਦੀ ਗੱਲ ਸਿਰੇ ਨ ਚੜ੍ਹ ਸਕੀ ਅਤੇ 22 ਮਈ 1960 ਈ. ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਗਾ ਦਿੱਤਾ। ਲਗਭਗ ਪੰਜਾਹ ਹਜ਼ਾਰ ਅਕਾਲੀ ਕਾਰਕੁੰਨ ਜੇਲ੍ਹਾਂ ਵਿਚ ਬੰਦ ਹੋ ਗਏ। ਲੀਡਰਾਂ ਨੇ ਮਰਨ-ਬਰਤ ਵੀ ਰਖੇ। ਪਰ ਸਫਲਤਾ ਨ ਮਿਲੀ। ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਵਿਚ ਵੰਡਿਆ ਗਿਆ। ਇਕ ਦਾ ਨੇਤਾ ਮਾਸਟਰ ਤਾਰਾ ਸਿੰਘ ਸੀ ਅਤੇ ਦੂਜੇ ਦਾ ਸੰਤ ਫਤਹਿ ਸਿੰਘ। 17 ਜਨਵਰੀ 1965 ਈ. ਨੂੰ ਹੋਈਆਂ ਗੁਰਦੁਆਰਾ ਚੋਣਾਂ ਵਿਚ ਮਾਸਟਰ ਤਾਰਾ ਸਿੰਘ ਦਾ ਧੜਾ ਹਾਰ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਸੰਤ ਫਤਹਿ ਸਿੰਘ ਦੇ ਧੜੇ ਦਾ ਕਬਜ਼ਾ ਹੋ ਗਿਆ।

            ਕੇਂਦਰ ਸਰਕਾਰ ਨੇ ਅਕਾਲੀ ਦਲ ਦੀ ਮੰਗ ਨੂੰ ਮੰਨਦੇ ਹੋਇਆਂ 1 ਨਵੰਬਰ 1966 ਈ. ਨੂੰ ਪੰਜਾਬੀ ਸੂਬੇ ਦੀ ਸਥਾਪਨਾ ਕਰ ਦਿੱਤੀ। ਪਰ ਚੰਡੀਗੜ੍ਹ ਨੂੰ ਪੰਜਾਬੀ ਸੂਬੇ ਵਿਚ ਸ਼ਾਮਲ ਨ ਕਰਨਾ, ਕਈ ਪੰਜਾਬੀ ਬੋਲਦੇ ਪਿੰਡਾਂ ਨੂੰ ਪੰਜਾਬੀ ਸੂਬੇ ਤੋਂ ਬਾਹਰ ਰਖਣਾ ਅਤੇ ਦਰਿਆਈ ਪਾਣੀਆਂ ਦੀ ਅਨੁਚਿਤ ਵੰਡ ਨੇ ਰਾਜਨੈਤਿਕ ਸਥਿਤੀ ਨੂੰ ਸੰਤੁਲਿਤ ਨ ਹੋਣ ਦਿੱਤਾ। ਮਾਰਚ 1967 ਈ. ਅਤੇ ਮਾਰਚ 1972 ਈ. ਵਿਚ ਚੋਣਾਂ ਹੋਣੀਆਂ। ਅਕਾਲੀਆਂ ਨੂੰ ਸੰਨ 1967 ਈ. ਵਾਲੀ ਚੋਣ ਵਿਚ ਕੁਲ 104 ਸੀਟਾਂ ਵਿਚੋਂ ਕੇਵਲ 26 ਪ੍ਰਾਪਤ ਹੋਈਆਂ। ਅਕਾਲੀਆਂ ਨੇ ਹੋਰਨਾਂ ਪਾਰਟੀਆਂ ਦੀ ਮਦਦ ਨਾਲ ਦੋ ਵਾਰ ਹਕੂਮਤ ਬਣਾਈ ਪਰ ਥੋੜੀ ਥੋੜੀ ਦੇਰ ਬਾਦ ਟੁਟ ਗਈ। ਸੰਨ 1972 ਈ. ਵਾਲੀਆਂ ਚੋਣਾਂ ਵਿਚ 117 ਸੀਟਾਂ ਵਿਚੋਂ ਅਕਾਲੀਆਂ ਨੂੰ ਕੇਵਲ 24 ਸੀਟਾਂ ਪ੍ਰਾਪਤ ਹੋਈਆਂ। ਕਾਂਗ੍ਰਸ ਨੇ ਬਹੁਮਤ ਮਿਲਣ ਕਾਰਣ ਆਪਣੀ ਹਕੂਮਤ ਬਣਾਈ। ਅਕਾਲੀਆਂ ਨੇ ਸਾਰੀ ਸਥਿਤੀ ਨੂੰ ਵੇਖ ਕੇ 16-17 ਅਕਤੂਬਰ 1973 ਈ. ਨੂੰ ਆਨੰਦਪੁਰ ਸਾਹਿਬ ਵਿਚ ਕਾਰਜ ਸਾਧਕ ਕਮੇਟੀ ਵਿਚ ਆਪਣੇ ਰਾਜਨੈਤਿਕ ਮਨੋਰਥ ਸੰਬੰਧੀ ਮਤਾ ਪਾਸ ਕੀਤਾ ਜੋ ‘ਆਨੰਦਪੁਰ ਸਾਹਿਬ ਵਾਲਾ ਮਤਾ’ ਨਾਂ ਨਾਲ ਜਾਣਿਆ ਜਾਂਦਾ ਹੈ।

            25 ਜੁਲਾਈ 1985 ਈ. ਨੂੰ ਹੋਏ ਰਾਜੀਵ- ਲੌਂਗੋਵਾਲ ਸਮਝੌਤੇ ਅਧੀਨ ਅਕਾਲੀਆਂ ਨੂੰ ਅਗਾਮੀ ਚੋਣਾਂ ਵਿਚ ਬਹੁਮਤ ਪ੍ਰਾਪਤ ਹੋ ਗਿਆ ਅਤੇ ਸੁਰਜੀਤ ਸਿੰਘ ਬਰਨਾਲਾ ਨੇ ਮੁੱਖ ਮੰਤਰੀ ਵਜੋਂ ਹਕੂਮਤ ਸਥਾਪਿਤ ਕੀਤੀ। ਪਰ ਸ਼੍ਰੋਮਣੀ ਅਕਾਲੀ ਦਲ ਦੇ ਅੰਦਰਲੇ ਝਗੜਿਆਂ ਅਤੇ ਰਾਜੀਵ-ਲੌਂਗੋਵਾਲ ਪੈਕਟ ਨੂੰ ਕੇਂਦਰ-ਸਰਕਾਰ ਵਲੋਂ ਅਮਲ ਵਿਚ ਨ ਲਿਆਉਣ ਕਾਰਣ ਇਹ ਸਰਕਾਰ ਵੀ ਟੁਟ ਗਈ। ਇਸ ਤੋਂ ਪੈਦਾ ਹੋਈ ਨਿਰਾਸ਼ਾ ਕਾਰਣ ਕਈ ਅਕਾਲੀ ਦਲ ਕਾਇਮ ਹੋ ਗਏ। ਸੰਨ 1992 ਈ. ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਨ ਹੋਇਆ ਅਤੇ ਕਾਂਗ੍ਰਸ ਚੋਣਾਂ ਜਿਤ ਗਈ। ਸੰਨ 1997 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਮਤ ਪ੍ਰਾਪਤ ਹੋ ਗਿਆ ਅਤੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਬਣਾਈ। ਪਰ 1998 ਈ. ਦੇ ਅੰਤ ਵਿਚ ਟੋਹੜਾ ਧੜਾ ਵਖ ਹੋ ਗਿਆ ਅਤੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ। ਪਰੰਤੂ ਇਸ ਦੇ ਬਾਵਜੂਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਪੰਜ ਸਾਲ ਹਕੂਮਤ ਨੂੰ ਚਲਾਉਣ ਵਿਚ ਕਾਮਯਾਬ ਹੋਇਆ। ਸੰਨ 2002 ਈ. ਦੀਆਂ ਚੋਣਾਂ ਵਿਚ ਅਕਾਲੀ ਬਹੁਮਤ ਪ੍ਰਾਪਤ ਨ ਕਰ ਸਕੇ ਅਤੇ ਕਾਂਗ੍ਰਸ ਨੇ ਕੈਪਟਨ ਅਮਰੇਂਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਹਕੂਮਤ ਦੀ ਵਾਗਡੋਰ ਸੰਭਾਲੀ। ਸੰਨ 2004 ਵਿਚ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ (ਟੋਹੜਾ) ਵਿਚ ਫਿਰ ਸਮਝੋਤਾ ਹੋ ਗਿਆ। ਪਰੰਤੂ 1 ਅਪ੍ਰੈਲ 2004 ਨੂੰ ਗੁਰਚਰਨ ਸਿੰਘ ਟੋਹੜਾ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸਨ, ਦਾ ਦਿਲ ਦੀ ਬੀਮਾਰੀ ਕਾਰਨ ਦਿੱਲੀ ਵਿਖੇ ਦੇਹਾਂਤ ਹੋ ਗਿਆ।

            ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਸਤਰ) ਆਦਿ ਆਪਸ ਵਿਚ ਜ਼ੋਰ-ਆਜ਼ਮਾਈ ਕਰਦੇ ਰਹਿੰਦੇ ਹਨ ਅਤੇ ਅਨੇਕ ਢੰਗਾਂ ਨਾਲ ਵੈਰ ਦੀ ਅੱਗ ਗਰਮ ਕਰੀ ਰਖਦੇ ਹਨ। ਇਨ੍ਹਾਂ ਆਪਸੀ ਝਗੜਿਆਂ ਅਤੇ ਹੈਕੜਾਂ ਕਾਰਣ ਸਿੱਖਾਂ ਦਾ ਸਦਾ ਅਹਿਤ ਹੁੰਦਾ ਰਹਿੰਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਸ਼੍ਰੋਮਣੀ ਅਕਾਲੀ ਦਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸ਼੍ਰੋਮਣੀ ਅਕਾਲੀ ਦਲ : ਇਹ ਸਿੱਖਾਂ ਦੀ ਇਕ ਰਾਜਸੀ ਸੰਸਥਾ ਹੈ। ਸ਼੍ਰੋਮਣੀ ਕਮੇਟੀ ਦੇ ਬਣ ਜਾਣ ਮਗਰੋਂ ਜਦੋਂ ਗੁਰਦੁਆਰਿਆਂ ਸਬੰਧੀ ਮੋਰਚੇ ਲਗਣੇ ਸ਼ੁਰੂ ਹੋਏ ਤਾਂ ਸ਼੍ਰੋਮਣੀ ਕਮੇਟੀ ਨੂੰ ਮੋਰਚਿਆਂ ਵਿਚ ਜੱਥੇ ਭੇਜਣ ਲਈ ਇਸ ਦਲ ਦੇ ਕਾਇਮ ਕਰਨ ਦੀ ਲੋੜ ਪਈ। ਇਹ ਦਲ 24 ਜਨਵਰੀ, 1921 ਨੂੰ ਕਾਇਮ ਹੋਇਆ। ਇਸ ਦਲ ਨੇ 1925 ਤੱਕ ਸ਼੍ਰੋਮਣੀ ਕਮੇਟੀ ਦੀ ਛਤਰ ਛਾਇਆ ਹੇਠ ਕਈ ਮੋਰਚੇ ਲੜੇ। ਇਹ ਦਲ ਸੰਨ 1925 ਤੋਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵੀ ਲੜਦਾ ਆ ਰਿਹਾ ਹੈ। ਸਮੇਂ ਸਮੇਂ ਇਸ ਵੱਲੋਂ ਲਾਏ ਮੋਰਚਿਆਂ ਅਤੇ ਹੋਰ ਘਟਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ :––

          ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਦੁਰਾਚਾਰੀ ਮਹੰਤ ਨਾਰਾਇਣ ਦਾਸ ਪਾਸ ਸੀ। 20 ਫ਼ਰਵਰੀ 1921 ਨੂੰ ਭਾ. ਲਛਮਣ ਸਿੰਘ ਤਕਰੀਬਨ ਡੇਢ ਸੌ ਸਿੰਘਾਂ ਦਾ ਜੱਥਾ ਲੈ ਕੇ ਦਰਸ਼ਨ ਕਰਨ ਅਤੇ ਮਹੰਤ ਨੂੰ ਸਮਝਾਉਣ ਲਈ ਨਨਕਾਣਾ ਸਾਹਿਬ ਗਿਆ। ਮਹੰਤ ਦੇ ਖ਼ਰੀਦੇ ਹੋਏ ਬਦਮਾਸ਼ਾਂ ਨੇ ਇਸ ਜਥੇ ਦੇ ਬਹੁਤ ਸਾਰੇ ਸਿੰਘਾਂ ਨੂੰ ਕਤਲ ਕਰ ਦਿੱਤਾ ਅਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਇਸ ਦੁਖਦਾਈ ਘਟਨਾ ਨੂੰ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿਚ ਸਿੰਘ ਨਨਕਾਣਾ ਸਾਹਿਬ ਨੂੰ ਤੁਰ ਪਏ। ਆਖ਼ਰ ਸਰਕਾਰੀ ਅਫ਼ਸਰਾਂ ਅਤੇ ਲਾਟ ਸਾਹਿਬ ਨੇ ਗੁਰਦੁਆਰੇ ਦੀਆਂ ਚਾਬੀਆਂ ਸਿੰਘਾਂ ਨੂੰ ਸੌਪ ਦਿੱਤੀਆਂ। ਮਹੰਤ ਅਤੇ ਉਸਦੇ ਸਾਥੀਆਂ ਨੂੰ ਫੜ ਕੇ ਸਜ਼ਾਵਾਂ ਦਿੱਤੀਆਂ। ਫਿਰ ਮੋਰਚਾ ‘ਗੁਰੂ ਕਾ ਬਾਗ਼’ ਲੱਗਾ। 31 ਜਨਵਰੀ 1921 ਨੂੰ ਮਹੰਤ ਸੁੰਦਰ ਦਾਸ ਗੁਰੂ ਕਾ ਬਾਗ਼ ਨੇ ਸ਼੍ਰੇਮਣੀ ਕਮੇਟੀ ਵੱਲੋਂ 11 ਮੈਂਬਰੀ ਕਮੇਟੀ ਅਧੀਨ ਕੰਮ ਕਰਨਾ ਮੰਨ ਲਿਆ ਪਰ ਅਗਸਤ 1922 ਵਿਚ ਜਦੋਂ ਸਿੰਘ ਗੁਰਦੁਆਰੇ ਦੀ ਜ਼ਮੀਨ ਵਿਚੋਂ ਲੰਗਰ ਲਈ ਲੱਕੜੀਆਂ ਕੱਟ ਰਹੇ ਸਨ ਤਾਂ ਉਸ ਨੇ ਪੁਲਿਸ ਬੁਲਾ ਕੇ ਧੜਾ ਧੜ ਗ੍ਰਿਫ਼ਤਾਰੀਆਂ ਕਰਵਾਈਆਂ। ਇਸ ਉੱਤੇ ਮੋਰਚਾ ਸ਼ੁਰੂ ਹੋ ਗਿਆ। ਜਥਿਆਂ ਉੱਤੇ ਬੜੇ ਤਸ਼ੱਦਦ ਹੋਏ। 17 ਨਵੰਬਰ, 1922 ਤੱਕ 5605 ਗ੍ਰਿਫ਼ਤਾਰੀਆਂ ਹੋਈਆਂ ਪਰ ਮਗਰੋਂ ਸਰਕਾਰ ਨੇ ਸਾਰੇ ਸਿੰਘ ਰਿਹਾ ਕਰ ਦਿੱਤੇ।

          1921 ਵਿਚ ਸਿੰਘਾਂ ਨੇ ਚਾਬੀਆਂ ਸਬੰਧੀ ਮੋਰਚਾ ਲਾਇਆ, ਜਦੋਂ ਸਰਕਾਰ ਨੇ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਆਪਣੇ ਵੱਲੋਂ ਸਥਾਪਤ ਕੀਤੇ ਇਕ ਸਰਬਰਾਹ ਦੇ ਸਪੁਰਦ ਕਰ ਦਿੱਤੀਆਂ। ਸਿੰਘਾਂ ਨੇ ਜਲਸੇ ਕੀਤੇ ਅਤੇ ਮੋਰਚਾ ਲਾਇਆ ਅਤੇ ਬੇਸ਼ੁਮਾਰ ਗ੍ਰਿਫ਼ਤਾਰੀਆਂ ਦਿੱਤੀਆਂ। ਅੰਤ 19 ਜਨਵਰੀ, 1922 ਨੂੰ ਡਿਪਟੀ ਕਮਿਸ਼ਨਰ ਨੇ ਭਰੇ ਦਰਬਾਰ ਵਿਚ ਬਾਬਾ ਖੜਕ ਸਿੰਘ ਨੂੰ ਚਾਬੀਆਂ ਸੌਂਪੀਆਂ। ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਇਹ ਤਾਰ ਦਿੱਤੀ :

          “ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਫ਼ੈਸਲਾ ਕੁਨ ਲੜਾਈ ਜਿੱਤਣ ਲਈ ਵਧਾਈਆਂ।”

          1923 ਵਿਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਗੱਦੀ ਤੋਂ ਲਾਹ ਕੇ ਦੇਹਰਾਦੂਨ ਭੇਜੇ ਜਾਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਰੋਸ ਮਨਾਇਆ। ਗੁਰਦੁਆਰਾ ਗੰਗਸਰ ਜੈਤੋ, ਰਿਆਸਤ ਨਾਭਾ ਵਿਚ ਭਰੇ ਦੀਵਾਨ ’ਚੋਂ ਗ੍ਰਿਫ਼ਤਾਰੀਆਂ ਕਰਨ ਅਤੇ ਅਖੰਡ ਪਾਠ ਵਿਚ ਵਿਘਨ ਪਾਏ ਜਾਣ ਤੇ ਜੈਤੋ ਦਾ ਮੋਰਚਾ ਲੱਗ ਗਿਆ। 25-26 ਸਤੰਬਰ 1923 ਨੂੰ ਅਕਾਲ ਤਖ਼ਤ ਤੋਂ ਜੈਤੋ ਲਈ ਜਥੇ ਜਾਣੇ ਸ਼ੁਰੂ ਹੋਏ। 9 ਫ਼ਰਵਰੀ, 1924 ਨੂੰ ਪੰਜ ਸੌ ਸਿੰਘਾਂ ਦੇ ਜਥੇ ਨੂੰ ਰੋਕਣ ਦੇ ਜਤਨ ਵਿਚ ਪੁਲਿਸ ਦੇ ਗੋਲੀ ਚਲਾਉਣ ਨਾਲ ਅਨੇਕਾਂ ਸਿੰਘ ਸ਼ਹੀਦ ਤੇ ਫੱਟੜ ਹੋਏ। ਮੋਰਚਾ ਅਜੇ ਜਾਰੀ ਸੀ ਕਿ 9 ਜੁਲਾਈ, 1925 ਨੂੰ ਗੁਰਦੁਆਰਾ ਐਕਟ ਪਾਸ ਹੋ ਗਿਆ ਤੇ ਸਿੰਘਾਂ ਨੂੰ ਅਖੰਡ ਪਾਠ ਕਰਨ ਦੀ ਖੁਲ੍ਹ ਮਿਲੀ।

          18 ਜੂਨ, 1926 ਨੂੰ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਸਬੰਧੀ ਖ਼ਾਲਸਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਝਗੜਾ ਹੋ ਗਿਆ। ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੇ ਪੁਲਿਸ ਅਤੇ ਫ਼ੌਜ ਦੀ ਮਦਦ ਨਾਲ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਖ਼ਾਲਸਾ ਪਾਰਟੀ ਨੂੰ ਦਿਵਾਇਆ। ਫਿਰ ਜਨਵਰੀ, 1929 ਵਿਚ ਸ. ਸੇਵਾ ਸਿੰਘ ਠੀਕਰੀਵਾਲਾ ਨੂੰ ਰਿਹਾ ਕਰਵਾਉਣ ਲਈ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਵਿਰੁਧ ਸ਼ਾਂਤਮਈ ਮੋਰਚਾ ਲੱਗ। ਸੰਨ 1931 ਦੇ ਅਖੀਰਲੇ ਮਹੀਨਿਆਂ ਤੋਂ ਲੈ ਕੇ ਫ਼ਰਵਰੀ 1932 ਤੱਕ ਗੁਰਦੁਆਰਾ ਡਸਕਾ ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਚ ਗੁਰਦੁਆਰੇ ਦੀਆਂ ਦੁਕਾਨਾਂ ਸਬੰਧੀ ਮੋਰਚਾ ਲੱਗਾ। ਓੜਕ ਸਾਲਸੀ ਫ਼ੈਸਲੇ ਨਾਲ ਝਗੜੇ ਦਾ ਨਿਪਟਾਰਾ ਹੋ ਗਿਆ।

          ਸੰਨ 1925 ਤੋਂ ਪਿਛੋਂ ਸ਼੍ਰੋਮਣੀ ਅਕਾਲੀ ਦਲ ਕਈ ਵਾਰ ਕਾਂਗਰਸ ਦੇ ਹੱਕ ਵਿਚ ਅਤੇ ਕਈ ਵਾਰ ਵਿਰੁਧ ਕੰਮ ਕਰਦਾ ਰਿਹਾ ਹੈ। 1946-47 ਵਿਚ ਪਾਕਿਸਤਾਨ ਬਣਨ ਸਮੇਂ ਕੁਝ ਦੇਰ ਡਾਂਵਾਂ ਡੋਲ ਰਹਿਣ ਮਗਰੋਂ ਅਕਾਲੀ ਦਲ ਦੇ ਆਪਣੀ ਤਕਦੀਰ ਕਾਂਗਰਸ ਦੇ ਪੱਲੇ ਬੰਨ੍ਹ ਦਿੱਤੀ। ਸੰਨ 1950 ਤੋਂ ਅਕਾਲੀ ਦਲ ਦੇ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਸ਼ੁਰੂ ਕੀਤੀ। ਸੰਨ 1953-54 ਵਿਚ ਮਾਸਟਰ ਤਾਰਾ ਸਿੰਘ ਨੇ ਨਿਕਟਵਰਤੀ ਸ. ਪ੍ਰਤਾਪ ਸਿੰਘ ਕੈਰੋਂ, ਜ. ਊਧਮ ਸਿੰਘ ਨਾਗੋਕੇ, ਸ. ਈਸ਼ਰ ਸਿੰਘ ਮਝੈਲ, ਜ. ਸੋਹਣ ਸਿੰਘ ਜਲਾਲ ਉਸਮਾਂ ਅਤੇ ਜ. ਮੋਹਨ ਸਿੰਘ ਆਦਿ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਚਲੇ ਗਏ। ਇਨ੍ਹਾਂ ਨੇ ਕਿਹਾ ਕਿ ਧਰਮ ਤੇ ਰਾਜਨੀਤੀ ਵੱਖਰੇ ਵੱਖਰੇ ਹਨ। ਸੰਨ 1954 ਦੀਆਂ ਚੋਣਾਂ ਵਿਚ ਇਨ੍ਹਾਂ ਨੇ ਸ਼੍ਰੋਮਣੀ ਖ਼ਾਲਸਾ ਦਲ ਬਣਾਇਆ ਪਰ ਉਸੇ ਸਾਲ ਗੁਰਦੁਆਰਾ ਚੋਣਾਂ ਵਿਚ ਇਹ ਦਲ ਅਕਾਲੀ ਦਲ ਦੇ ਮੁਕਾਬਲੇ ਤੇ ਹਾਰ ਗਿਆ।

          ਸੰਨ 1955 ਵਿਚ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਅਰੇ ਲਾਉਣ ਤੇ ਲੱਗੀ ਪਾਬੰਦੀ ਨੂੰ ਹਟਾਉਣ ਲਈ ਮੋਰਚਾ ਲੱਗਾ। 62 ਦਿਨ ਮੋਰਚਾ ਲੱਗ ਰਿਹਾ ਤੇ ਬਾਰਾਂ ਹਜ਼ਾਰ ਅਕਾਲੀ ਗ੍ਰਿਫ਼ਤਾਰ ਹੋਏ।

          1960 ਵਿਚ ਪੰਜਾਬੀ ਸੂਬੇ ਸਬੰਧੀ ਲਾਏ ਮੋਰਚੇ ਵਿਚ ਕੋਈ 50 ਹਜ਼ਾਰ ਅਕਾਲੀ ਜੇਲ੍ਹ ਗਏ। ਫੇਰ ਦਸੰਬਰ 1960 ਵਿਚ ਸੰਤ ਫ਼ਤਿਹ ਸਿੰਘ ਨੇ ਵਰਤ ਰਖਿਆ। ਇਸੇ ਮੰਤਵ ਦੀ ਪੂਰਤੀ ਲਈ 15 ਅਗਸਤ 1961 ਤੋਂ ਮਾਸਟਰ ਤਾਰਾ ਸਿੰਘ ਨੇ ਵਰਤ ਰਖਿਆ। ਮਗਰੋਂ 29 ਨਵੰਬਰ 1961 ਨੂੰ ਮਾਸਟਰ ਤਾਰਾ ਸਿੰਘ ਅਤ ਸੰਤ ਫ਼ਤਿਹ ਸਿੰਘ ਨੂੰ ਸਣੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਅੱਠ ਮੈਂਬਰਾਂ ਦੇ ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਪੰਜਾਂ ਪਿਆਰਿਆਂ ਨੇ ਤਨਖ਼ਾਹੀਏ ਕਰਾਰ ਦਿੱਤਾ।

          ਫਿਰ ਮਾ. ਤਾਰਾ ਸਿੰਘ ਅਤੇ ਸੰਤ ਫ਼ਤਿਹ ਸਿੰਘ ਵਿਚਕਾਰ ਮਤ-ਭੇਦ ਹੋ ਗਿਆ ਅਤੇ ਦੋਹਾਂ ਧੜਿਆਂ ਦੇ ਦੋ ਅਕਾਲੀ ਦਲ ਬਣ ਗਏ। 17 ਜਨਵਰੀ, 1965 ਨੂੰ ਗੁਰਦੁਆਰਾ ਚੋਣਾਂ ਵਿਚ ਮਾਸਟਰ ਤਾਰਾ ਸਿੰਘ ਗਰੁਪ ਨੂੰ ਹਾਰ ਹੋਈ। ਅਗਸਤ 1965 ਵਿਚ ਸੰਤ ਫ਼ਤਹਿ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਪੰਜਾਬ ਵਿਚ ਹੋਇਆਂ ਬੇਅਦਬੀਆਂ ਤੇ ਹੋਰ ਸ਼ਿਕਾਇਤਾਂ ਬਾਰੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਅਤੇ ਗ੍ਰਿਹ ਮੰਤਰੀ ਸ੍ਰੀ ਗੁਲਜ਼ਾਰੀ ਲਾਲ ਨੰਦਾ ਨਾਲ ਗਲਬਾਤ ਕੀਤੀ। 9 ਮਾਰਚ, 1966 ਨੂੰ ਸ੍ਰੀਮਤੀ ਇੰਦਰਾ ਗਾਂਧੀ ਦੀ ਪ੍ਰਧਾਨਗੀ ਹੇਠ ਸਰਬ ਹਿੰਦ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਪੰਜਾਬੀ ਸੂਬਾ ਬਣਾਉਣ ਦਾ ਮਤਾ ਪਾਸ ਕੀਤਾ ਗਿਆ ਅਤੇ ਪਹਿਲੀ ਨਵੰਬਰ, 1966 ਨੂੰ ਨਵਾਂ ਪੰਜਾਬ ਹੋਂਦ ਵਿਚ ਆਇਆ।

          ਫ਼ਰਵਰੀ 1967 ਦੀਆਂ ਅਸੈਂਬਲੀ ਚੋਣਾਂ ਮਗਰੋਂ ਅਕਾਲੀ ਦਲ ਦੇ ਸ. ਗੁਰਨਾਮ ਸਿੰਘ ਅਧੀਨ ਪੰਜਾਬ ਦੀ ਸਾਂਝਾ ਮੋਰਚਾ ਵਜ਼ਾਰਤ ਕਾਇਮ ਹੋਈ। ਫਿਰ 25 ਨਵੰਬਰ 1967 ਨੂੰ ਕਾਂਗਰਸ ਦੀ ਹਮਾਇਤ ਨਾਲ ਸ. ਲਛਮਣ ਸਿੰਘ ਗਿੱਲ, ਪੰਜਾਬ ਦਾ ਮੁੱਖ ਮੰਤਰੀ ਬਣਿਆ। 14 ਜਨਵਰੀ 1968 ਤੋਂ ਗਿੱਲ, ਪੰਜਾਬ ਦਾ ਮੁੱਖ ਮੰਤਰੀ ਬਣਿਆ। 14 ਜਨਵਰੀ 1968 ਤੋਂ ਗਿੱਲ ਸਰਕਾਰ ਨੇ ਪੰਜਾਬੀ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਕਰਾਰ ਦਿੱਤਾ। ਕਾਂਗਰਸ ਵੱਲੋਂ ਹਮਾਇਤ ਵਾਪਸ ਲਏ ਜਾਣ ਤੇ 21 ਅਗਸਤ 1968 ਨੂੰ ਗਿੱਲ ਵਜ਼ਾਰਤ ਖ਼ਤਮ ਹੋ ਗਈ। ਸੰਨ 1969 ਦੀਆਂ ਮਧਕਾਲੀ ਚੋਣਾਂ ਮਗਰੋਂ ਅਕਾਲੀ ਦਲ ਨੇ ਜਨ ਸੰਘ ਨਾਲ ਮਿਲ ਕੇ ਸ. ਗੁਰਨਾਮ ਸਿੰਘ ਅਧੀਨ ਫਿਰ ਵਜ਼ਾਰਤ ਕਾਇਮ ਕੀਤੀ।

          ਇਕ ਨਵੰਬਰ 1966 ਨੂੰ ਨਵਾਂ ਪੰਜਾਬ ਬਣਨ ਤੇ ਕਿਉਂਕਿ ਚੰਡੀਗੜ੍ਹ ਨੂੰ ਕੇਂਦਰੀ ਪ੍ਰਸ਼ਾਸਨ ਅਧੀਨ ਰਖਿਆ ਗਿਆ ਸੀ, ਇਸ ਲਈ ਅਕਾਲੀ ਦਲ ਚੰਡੀਗੜ੍ਹ ਪ੍ਰਾਪਤ ਕਰਨ ਲਈ ਲਗਾਤਾਰ ਜੱਦੋ ਜਹਿਦ ਕਰਨ ਲੱਗਾ। 26 ਜਨਵਰੀ, 1970 ਨੂੰ ਸੰਤ ਫ਼ਤਿਹ ਸਿੰਘ ਨੇ ਮਰਨ ਵਰਤ ਸ਼ੁਰੂ ਕੀਤਾ। 29 ਜਨਵਰੀ, 1970 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਚੰਡੀਗੜ੍ਹ ਪੰਜਾਬ ਨੂੰ ਅਤੇ ਫ਼ਾਜ਼ਿਲਕਾ ਤਹਿਸੀਲ ਦਾ ਕੁਝ ਇਲਾਕਾ ਹਰਿਆਣਾ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ। 30 ਜਨਵਰੀ, 1970 ਨੂੰ ਸੰਤ ਫ਼ਤਿਹ ਸਿੰਘ ਨੇ ਆਪਣਾ ਵਰਤ ਸਮਾਪਤ ਕੀਤਾ। ਚੰਡੀਗੜ੍ਹ ਵਾਲੇ ਫ਼ੈਸਲੇ ਅਤੇ ਰਾਜ ਸਭਾ ਦੀਆਂ ਦੋ ਸੀਟਾਂ ਦੀਆਂ ਚੋਣਾਂ ਦੇ ਸਵਾਲ ਤੇ ਅਕਾਲੀ ਦਲ ਵਿਚ ਮਤ-ਭੇਦ ਹੋ ਗਿਆ। 26 ਮਾਰਚ, 1970 ਨੂੰ ਸ. ਗੁਰਨਾਮ ਸਿੰਘ ਵਜ਼ਾਰਤ ਟੁਟ ਗਈ ਅਤੇ ਅਗਲੇ ਦਿਨ ਸ. ਪ੍ਰਕਾਸ਼ ਸਿੰਘ ਬਾਦਲ ਅਧੀਨ ਨਵੀਂ ਅਕਾਲੀ ਵਜ਼ਾਰਤ ਕਾਇਮ ਹੋਈ। ਆਪਸੀ ਫੁਟ ਕਾਰਨ ਅਕਾਲੀ ਦਲ ਦੀ ਇਸ ਚੌਥੀ ਵਜ਼ਾਰਤ ਨੇ ਵੀ 13 ਜੂਨ, 1971 ਨੂੰ ਅਸਤੀਫ਼ਾ ਦੇ ਦਿੱਤਾ।

          ਦਸੰਬਰ 1971 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ 13 ਵਿਚੋਂ ਅਕਾਲੀ ਦਲ ਸਿਰਫ਼ ਇਕ ਸੀਟ ਹੀ ਜਿੱਤ ਸਕਿਆ। ਇਸੇ ਤਰ੍ਹਾਂ 12 ਮਾਰਚ, 1972 ਨੂੰ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ 104 ਵਿਚੋਂ ਅਕਾਲੀ ਦਲ ਕੇਵਲ 24 ਸੀਟਾਂ ਹੀ ਪ੍ਰਾਪਤ ਕਰ ਸਕਿਆ ਪਰ 1977 ਦੀਆਂ ਸੰਸਦੀ ਚੋਣਾਂ ਵਿਚ ਅਕਾਲੀ ਦਲ ਦੇ 9 ਐਮ. ਪੀ. ਬਣੇ। ਉਸ ਵੇਲੇ ਦੀ ਸ੍ਰੀ ਮੁਰਾਰਜੀ ਡੇਸਾਈ ਅਧੀਨ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਵਿਚ ਵੀ ਅਕਾਲੀ ਦਲ ਦੇ ਦੋ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਅਤੇ ਸ. ਧੰਨਾ ਸਿੰਘ ਗੁਲਸ਼ਨ ਲਏ ਗਏ ਸਨ। ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ ਵੀ ਅਕਾਲੀ ਦਲ ਨੇ ਬਹੁ-ਗਿਣਤੀ ਪ੍ਰਾਪਤ ਕੀਤੀ ਅਤੇ ਜਨਤਾ ਪਾਰਟੀ ਨਾਲ ਮਿਲ ਕੇ ਸ. ਪ੍ਰਕਾਸ਼ ਸਿੰਘ ਬਾਦਲ ਅਧੀਨ ਵਜ਼ਾਰਤ ਕਾਇਮ ਕੀਤੀ।

          ਸਮੇਂ ਸਮੇਂ ਅਕਾਲੀ ਦਲ ਨੂੰ ਸ. ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫ਼ਤਿਹ ਸਿੰਘ, ਸੰਤ ਚੰਨਣ ਸਿੰਘ, ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਬਹੁਤ ਵੱਡੇ ਵੱਡੇ ਅਤੇ ਉੱਚੇ ਪਾਏ ਦੇ ਨੇਤਾ ਮਿਲਦੇ ਰਹੇ ਹਨ ਜਿਨ੍ਹਾਂ ਦੀ ਇਕੋ ਆਵਾਜ਼ ਨਾਲ ਹਜ਼ਾਰਾਂ ਅਕਾਲੀ ਲੋੜ ਅਨੁਾਸਰ ਵੱਖ ਵੱਖ ਕਿਸਮ ਦੇ ਮੋਰਚੇ ਲਾਉਣ ਲਈ ਇਕ ਦੂਜੇ ਤੋਂ ਅੱਗੇ ਹੋ ਕੇ ਖਲੋਣ ਲਈ ਤਿਆਰ ਰਹੇ ਹਨ ਅਤੇ ਰਹਿੰਦੇ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-04, ਹਵਾਲੇ/ਟਿੱਪਣੀਆਂ: no

ਸ਼੍ਰੋਮਣੀ ਅਕਾਲੀ ਦਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼੍ਰੋਮਣੀ ਅਕਾਲੀ ਦਲ : ਇਹ ਸਿੱਖਾਂ ਦਾ ਇਕ ਰਾਜਸੀ ਸੰਸਥਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣ ਜਾਣ ਮਗਰੋਂ ਜਦੋਂ ਗੁਰਦੁਆਰਿਆਂ ਸਬੰਧੀ ਮੋਰਚੇ ਲਗਣੇ ਸ਼ੁਰੂ ਹੋਏ ਤਾਂ ਸ਼੍ਰੋਮਣੀ ਕਮੇਟੀ ਨੂੰ ਮੋਰਚਿਆਂ ਵਿਚ ਜੱਥੇ ਭੇਜਣ ਲਈ ਇਸ ਦਲ ਦੇ ਕਾਇਮ ਕਰਨ ਦੀ ਲੋੜ ਪਈ। ਇਹ ਦਲ 24 ਜਨਵਰੀ 1921 ਨੂੰ ਕਾਇਮ ਹੋਇਆ। ਇਸ ਦਲ ਨੇ ਸੰਨ 1925 ਤਕ ਸ਼੍ਰੋਮਣੀ ਕਮੇਟੀ ਦੀ ਛਤਰ ਛਾਇਆ ਹੇਠ ਕਈ ਮੋਰਚੇ ਲੜੇ ਅਤੇ ਉਸ ਤੋਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਵੀ ਲੜਦਾ ਆ ਰਿਹਾ ਹੈ। ਪੰਜਾਬ ਵਿਚ ਕਈ ਵਾਰੀ ਇਸ ਦਲ ਦੀ ਸਰਕਾਰ ਵੀ ਬਣੀ। ਸਮੇਂ ਸਮੇਂ ਇਸ ਵੱਲੋਂ ਲਾਏ ਮੋਰਚਿਆਂ ਅਤੇ ਹੋਰ ਘਟਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ :-

        ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਦੁਰਾਚਾਰੀ ਮਹੰਤ ਨਾਰਾਇਣ ਦਾਸ ਪਾਸ ਸੀ। 20 ਫ਼ਰਵਰੀ, 1921 ਨੂੰ ਭਾਈ ਲਛਮਣ ਸਿੰਘ ਤਕਰੀਬਨ ਡੇਢ ਸੌ ਸਿੰਘਾਂ ਦਾ ਜੱਥਾ ਲੈ ਕੇ ਦਰਸ਼ਨ ਕਰਨ ਅਤੇ ਮਹੰਤ ਨੂੰ ਸਮਝਾਉਣ ਲਈ ਨਨਕਾਣਾ ਸਾਹਿਬ ਗਿਆ। ਮਹੰਤ ਦੇ ਖ਼ਰੀਦੇ ਹੋਏ ਬਦਮਾਸ਼ਾਂ ਨੇ ਇਸ ਜੱਥੇ ਦੇ ਬਹੁਤ ਸਾਰੇ ਸਿੰਘਾਂ ਨੂੰ ਕਤਲ ਕਰ ਦਿੱਤਾ ਅਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਇਸ ਦੁਖਦਾਈ ਘਟਨਾ ਨੂੰ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿਚ ਸਿੰਘ ਨਨਕਾਣਾ ਸਾਹਿਬ ਨੂੰ ਤੁਰ ਪਏ। ਅਖ਼ੀਰ ਸਰਕਾਰੀ ਅਫ਼ਸਰਾਂ ਅਤੇ ਤਤਕਾਲੀਨ ਲਾਰਡ ਨੇ ਗੁਰਦੁਆਰੇ ਦੀਆਂ ਚਾਬੀਆਂ ਸਿੰਘਾਂ ਨੂੰ ਸੌਂਪ ਦਿੱਤੀਆਂ। ਮਹੰਤ ਅਤੇ ਉਸ ਦੇ ਸਾਥੀਆਂ ਨੂੰ ਫੜ੍ਹ ਕੇ ਸਜ਼ਾਵਾਂ ਦਿੱਤੀਆਂ। ਫਿਰ ਗੁਰੂ ਕੇ ਬਾਗ਼ ਦਾ ਮੋਰਚਾ ਲੱਗਾ। 31 ਜਨਵਰੀ, 1921 ਨੂੰ ਮਹੰਤ ਸੁੰਦਰ ਦਾਸ, ਗੁਰੂ ਕਾ ਬਾਗ਼ ਵਾਲੇ ਨੇ ਸ਼੍ਰੋਮਣੀ ਕਮੇਟੀ ਵਲੋਂ ਬਣਾਈ 11 ਮੈਂਬਰੀ ਕਮੇਟੀ ਅਧੀਨ ਕੰਮ ਕਰਨਾ ਮੰਨ ਲਿਆ ਪਰ ਅਗਸਤ, 1922 ਵਿਚ ਜਦੋਂ ਸਿੰਘ ਗੁਰਦੁਆਰੇ ਦੀ ਜ਼ਮੀਨ ਵਿਚੋਂ ਲੰਗਰ ਲਈ ਲੱਕੜਾਂ ਕੱਟ ਰਹੇ ਸਨ ਤਾਂ ਉਸ ਨੇ ਪੁਲਿਸ ਬੁਲਾ ਕੇ ਧੜਾ ਧੜ ਗ੍ਰਿਫ਼ਤਾਰੀਆਂ ਕਰਵਾਈਆਂ। ਇਸ ਉੱਤੇ ਮੋਰਚਾ ਸ਼ੁਰੂ ਹੋ ਗਿਆ। ਜੱਥਿਆਂ ਉੱਤੇ ਬੜੇ ਤਸ਼ੱਦਦ ਹੋਏ। 17 ਨਵੰਬਰ, 1922 ਤਕ 5605 ਗ੍ਰਿਫ਼ਤਾਰੀਆਂ ਹੋਈਆਂ ਪਰ ਮਗਰੋਂ ਸਰਕਾਰ ਨੇ ਸਾਰੇ ਸਿੰਘ ਰਿਹਾਅ ਕਰ ਦਿੱਤੇ।

        ਜਦੋਂ ਸਰਕਾਰ ਨੇ ਦਰਬਾਰ ਸਾਹਿਬ ਦੇ ਤੋਸ਼ੇਖ਼ਾਨੇ ਦੀਆਂ ਚਾਬੀਆਂ ਆਪਣੇ ਵੱਲੋਂ ਸਥਾਪਤ ਕੀਤੇ ਇਕ ਸਰਬਰਾਹ ਦੇ ਸਪੁਰਦ ਕਰ ਦਿੱਤੀਆਂ ਤਾਂ ਸਿੰਘਾਂ ਨੇ ਚਾਬੀਆਂ ਸਬੰਧੀ ਮੋਰਚਾ ਲਾਇਆ ਜਿਸ ਅਧੀਨ ਜਲਸੇ ਕੀਤੇ ਅਤੇ ਬੇਸ਼ੁਮਾਰ ਗ੍ਰਿਫ਼ਤਾਰੀਆਂ ਦਿੱਤੀਆਂ। ਅੰਤ 19 ਜਨਵਰੀ, 1922 ਨੂੰ ਡਿਪਟੀ ਕਮਿਸ਼ਨਰ ਨੇ ਭਰੇ ਦਰਬਾਰ ਵਿਚ ਬਾਬਾ ਖੜਕ ਸਿੰਘ ਨੂੰ ਚਾਬੀਆਂ ਸੌਂਪੀਆਂ। ਮਹਾਤਮਾ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਇਹ ਤਾਰ ਦਿੱਤੀ :-

        “ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਫ਼ੈਸਲਾਕੁਨ ਲੜਾਈ ਜਿੱਤਣ ਲਈ ਵਧਾਈਆਂ।”

        ਸੰਨ 1923 ਵਿਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਗੱਦੀ ਤੋਂ ਲਾਹ ਕੇ ਡੇਹਰਾਦੂਨ ਭੇਜੇ ਜਾਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਸ ਮਨਾਇਆ। ਗੁਰਦੁਆਰਾ ਗੰਗਸਰ ਜੈਤੋ, ਰਿਆਸਤ ਨਾਭਾ ਵਿਚ ਭਰੇ ਦੀਵਾਨ ਵਿਚੋਂ ਗ੍ਰਿਫ਼ਤਾਰੀਆਂ ਕਰਨ ਅਤੇ ਅਖੰਡ ਪਾਠ ਵਿਚ ਵਿਘਨ ਪਾਏ ਜਾਣ ਤੇ ਜੈਤੋ ਦਾ ਮੋਰਚਾ ਲੱਗ ਗਿਆ। 25-26 ਸਤੰਬਰ, 1923 ਨੂੰ ਅਕਾਲ ਤਖ਼ਤ ਤੋਂ ਜੈਤੋ ਲਈ ਜੱਥੇ ਜਾਣੇ ਸ਼ੁਰੂ ਹੋਏ। 9 ਫ਼ਰਵਰੀ, 1924 ਨੂੰ ਪੰਜ ਸੌ ਸਿੰਘਾਂ ਦੇ ਜੱਥੇ ਨੂੰ ਰੋਕਣ ਦੇ ਜਤਨ ਵਿਚ ਪੁਲਿਸ ਦੇ ਗੋਲੀ ਚਲਾਉਣ ਨਾਲ ਅਨੇਕਾਂ ਸਿੰਘ ਸ਼ਹੀਦ ਤੇ ਫੱਟੜ ਹੋਏ। ਮੋਰਚਾ ਅਜੇ ਜਾਰੀ ਸੀ ਕਿ 9 ਜੁਲਾਈ, 1925 ਨੂੰ ਗੁਰਦੁਆਰਾ ਐਕਟ ਪਾਸ ਹੋ ਗਿਆ ਤੇ ਸਿੰਘਾਂ ਨੂੰ ਅਖੰਡ ਪਾਠ ਕਰਨ ਦੀ ਖੁਲ੍ਹ ਮਿਲੀ।

        18 ਜੂਨ, 1926 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਸੰਬਧੀ ਖ਼ਾਲਸਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਝਗੜਾ ਹੋ ਗਿਆ। ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੇ ਪੁਲਿਸ ਅਤੇ ਫ਼ੌਜ ਦੀ ਮਦਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਖ਼ਾਲਸਾ ਪਾਰਟੀ ਨੂੰ ਦਿਵਾ ਦਿੱਤਾ। ਫਿਰ ਜਨਵਰੀ, 1929 ਵਿਚ ਸ. ਸੇਵਾ ਸਿੰਘ ਠੀਕਰੀਵਾਲਾ ਨੂੰ ਰਿਹਾਅ ਕਰਵਾਉਣ ਲਈ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਵਿਰੁੱਧ ਸ਼ਾਂਤਮਈ ਮੋਰਚਾ ਲੱਗਾ। ਸੰਨ 1931 ਦੇ ਅਖੀਰਲੇ ਮਹੀਨਿਆਂ ਤੋਂ ਲੈ ਕੇ ਫ਼ਰਵਰੀ, 1932 ਤਕ ਗੁਰਦੁਆਰਾ ਡਸਕਾ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ ਗੁਰਦੁਆਰੇ ਦੀਆਂ ਦੁਕਾਨਾਂ ਸਬੰਧੀ ਮੋਰਚਾ ਲਗਾ। ਓੜਕ ਸਾਲਸੀ ਫ਼ੈਸਲੇ ਨਾਲ ਝਗੜੇ ਦਾ ਨਿਪਟਾਰਾ ਹੋ ਗਿਆ।

        ਸੰਨ 1925 ਤੋਂ ਪਿਛੋਂ ਸ਼੍ਰੋਮਣੀ ਅਕਾਲੀ ਦਲ ਕਈ ਵਾਰ ਕਾਂਗਰਸ ਨਾਲ ਰਲ ਕੇ ਅਤੇ ਕਈ ਵਾਰ ਉਸ ਦੇ ਵਿਰੁੱਧ ਰਾਜਨੀਤਿਕ ਸਰਗਰਮੀਆਂ ਕਰਦਾ ਰਿਹਾ ਹੈ। ਸੰਨ 1946-47 ਵਿਚ ਪਾਕਿਸਤਾਨ ਬਣਨ ਸਮੇਂ ਕੁਝ ਦੇਰ ਡਾਂਵਾਡੋਲ ਰਹਿਣ ਮਗਰੋਂ ਅਕਾਲੀ ਦਲ ਨੇ ਆਪਣੀ ਤਕਦੀਰ ਕਾਂਗਰਸ ਦੇ ਪੱਲੇ ਬੰਨ੍ਹ ਦਿਤੀ। ਸੰਨ 1950 ਤੋਂ ਅਕਾਲੀ ਦਲ ਨੇ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਸ਼ੁਰੂ ਕੀਤੀ। ਸੰਨ 1953-54 ਵਿਚ ਮਾਸਟਰ ਤਾਰਾ ਸਿੰਘ ਦੇ ਨਿਕਟਵਰਤੀ ਸ. ਪ੍ਰਤਾਪ ਸਿੰਘ ਕੈਰੋਂ, ਸ. ਊਧਮ ਸਿੰਘ ਨਾਗੋਕੇ, ਸ. ਈਸ਼ਰ ਸਿੰਘ  ਮਝੈਲ, ਸ. ਸੋਹਣ ਸਿਘ ਜਲਾਲਉਸਮਾ ਅਤੇ ਸ. ਮੋਹਨ ਸਿੰਘ ਆਦਿ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਚਲੇ ਗਏ। ਇਨ੍ਹਾਂ ਨੇ ਕਿਹਾ ਕਿ ਧਰਮ ਤੇ ਰਾਜਨੀਤੀ ਵੱਖਰੇ ਵੱਖਰੇ ਹਨ। ਸੰਨ 1954 ਦੀਆਂ ਚੋਣਾਂ ਵਿਚ ਇਨ੍ਹਾਂ ਨੇ ਸ਼੍ਰੋਮਣੀ ਖ਼ਾਲਸਾ ਦਲ ਬਣਾਇਆ ਪਰ ਉਸੇ ਸਾਲ ਗੁਰਦੁਆਰਾ ਚੋਣਾਂ ਵਿਚ ਇਹ ਦਲ ਅਕਾਲੀ ਦਲ ਦੇ ਮੁਕਾਬਲੇ ਤੇ ਹਾਰ ਗਿਆ।

        ਸੰਨ 1955 ਵਿਚ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਅਰੇ ਲਾਉਣ ਤੇ ਲੱਗੀ ਪਾਬੰਦੀ ਨੂੰ ਹਟਾਉਣ ਲਈ ਮੋਰਚਾ ਲੱਗਾ। 62 ਦਿਨ ਮੋਰਚਾ ਲੱਗਾ ਰਿਹਾ ਤੇ ਬਾਰ੍ਹਾਂ ਹਜ਼ਾਰ ਅਕਾਲੀ ਗ੍ਰਿਫ਼ਤਾਰ ਹੋਏ।

        ਸੰਨ 1960 ਵਿਚ ਪੰਜਾਬੀ ਸੂਬੇ ਸਬੰਧੀ ਲਾਏ ਮੋਰਚੇ ਵਿਚ ਲਗਭਗ 50 ਹਜ਼ਾਰ ਅਕਾਲੀ ਜੇਲ੍ਹ ਗਏ। ਫਿਰ ਦਸੰਬਰ, 1960 ਵਿਚ ਸੰਤ ਫ਼ਤਹਿ ਸਿੰਘ ਨੇ ਵਰਤ ਰਖਿਆ। ਇਸੇ ਮੰਤਵ ਵੀ ਪੂਰਤੀ ਲਈ 15 ਅਗਸਤ, 1961 ਤੋਂ ਮਾਸਟਰ ਤਾਰਾ ਸਿੰਘ ਨੇ ਵਰਤ ਰਖਿਆ। ਮਗਰੋਂ 29 ਨਵੰਬਰ, 1961 ਨੂੰ ਮਾਸਟਰ ਤਾਰਾ ਸਿੰਘ ਅਤੇ ਸੰਤ ਫ਼ਤਹਿ ਸਿੰਘ ਨੂੰ ਸਣੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਅੱਠ ਮੈਂਬਰਾਂ ਦੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਪੰਜਾਂ ਪਿਆਰਿਆਂ ਨੇ ਤਨਖ਼ਾਹੀਏ ਕਰਾਰ ਦਿੱਤਾ।

        ਫਿਰ ਮਾਸਟਰ ਤਾਰਾ ਸਿੰਘ ਅਤੇ ਸੰਤ ਫ਼ਤਹਿ ਸਿੰਘ ਵਿਚਕਾਰ ਮਤਭੇਦ ਹੋ ਗਿਆ ਅਤੇ ਦੋ ਅਕਾਲੀ ਦਲ ਬਣ ਗਏ। 17 ਜਨਵਰੀ, 1965 ਨੂੰ ਗੁਰਦੁਆਰਾ ਚੋਣਾਂ ਵਿਚ ਮਾਸਟਰ ਤਾਰਾ ਸਿੰਘ ਗਰੁੱਪ ਨੂੰ ਹਾਰ ਹੋਈ। ਅਗਸਤ, 1965 ਵਿਚ ਸੰਤ ਫ਼ਤਹਿ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਪੰਜਾਬ ਵਿਚ ਹੋਈਆਂ ਬੇਅਦਬੀਆਂ ਤੇ ਹੋਰ ਸ਼ਿਕਾਇਤਾਂ ਬਾਰੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਅਤੇ ਗ੍ਰਹਿ ਮੰਤਰੀ ਗੁਲਜ਼ਰੀ ਲਾਲ ਨੰਦਾ ਨਾਲ ਗੱਲਬਾਤ ਕੀਤੀ। 9 ਮਾਰਚ, 1966 ਨੂੰ ਸ੍ਰੀਮਤੀ ਇੰਦਰਾ ਗਾਂਧੀ ਦੀ ਪ੍ਰਧਾਨਵੀ ਹੇਠ ਸਰਬ ਹਿੰਦ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਪੰਜਾਬੀ ਸੂਬਾ ਬਣਾਉਣ ਲਈ ਵਿਚਾਰ ਕੀਤਾ ਗਿਆ ਅਤੇ 1 ਨਵੰਬਰ, 1966 ਨੂੰ ਨਵਾਂ ਪੰਜਾਬ ਹੋਂਦ ਵਿਚ ਆਇਆ।

        ਫ਼ਰਵਰੀ, 1967 ਦੀਆਂ ਅਸੈਂਬਲੀ ਚੋਣਾਂ ਮਗਰੋਂ ਅਕਾਲੀ ਦਲ ਦੇ ਸ. ਗੁਰਨਾਮ ਸਿੰਘ ਅਧੀਨ ਪੰਜਾਬ ਦੀ ਸਾਂਝਾ ਮੋਰਚਾ ਵਜ਼ਾਰਤ ਕਾਇਮ ਹੋਈ। ਫਿਰ 25 ਨਵੰਬਰ, 1967 ਨੂੰ ਕਾਂਗਰਸ ਦੀ ਹਮਾਇਤ ਨਾਲ ਸ. ਲਛਮਣ ਸਿੰਘ ਗਿੱਲ, ਪੰਜਾਬ ਦਾ ਮੁੱਖ ਮੰਤਰੀ ਬਣਿਆ। 14 ਜਨਵਰੀ, 1968 ਤੋਂ ਗਿੱਲ ਸਰਕਾਰ ਨੇ ਪੰਜਾਬੀ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਕਰਾਰ ਦਿੱਤਾ। ਕਾਂਗਰਸ ਵੱਲੋਂ ਹਮਾਇਤ ਵਾਪਸ ਲਏ ਜਾਣ ਤੇ 21 ਅਗਸਤ, 1968 ਨੂੰ ਗਿੱਲ ਵਜ਼ਾਰਤ ਖ਼ਤਮ ਹੋ ਗਈ। ਸੰਨ 1969 ਦੀਆਂ ਮਧਕਾਲੀ ਚੋਣਾਂ ਮਗਰੋਂ ਅਕਾਲੀ ਦਲ ਨੇ ਜਨ ਸੰਘ ਨਾਲ ਮਿਲ ਕੇ ਸ. ਗੁਰਨਾਮ ਸਿੰਘ ਅਧੀਨ ਫਿਰ ਵਜ਼ਾਰਤ ਕਾਇਮ ਕੀਤੀ।

        1 ਨਵੰਬਰ, 1966 ਨੂੰ ਨਵਾਂ ਪੰਜਾਬ ਬਣਨ ਤੇ ਚੰਡੀਗੜ੍ਹ ਨੂੰ ਕੇਂਦਰੀ ਪ੍ਰਸ਼ਾਸਨ ਅਧੀਨ ਰਖਿਆ ਗਿਆ ਸੀ। ਇਸ ਲਈ ਅਕਾਲੀ ਦਲ ਚੰਡੀਗੜ੍ਹ ਪ੍ਰਾਪਤ ਕਰਨ ਲਈ ਲਗਾਤਾਰ ਜੱਦੋ ਜਹਿਦ ਕਰਨ ਲੱਗਾ। 26 ਜਨਵਰੀ, 1970 ਨੂੰ ਸੰਤ ਫ਼ਤਹਿ ਸਿੰਘ ਨੇ ਮਰਨ ਵਕਤ ਸ਼ੁਰੂ ਕੀਤਾ। 29 ਜਨਵਰੀ, 1970 ਨੂੰ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਚੰਡੀਗੜ੍ਹ ਪੰਜਾਬ ਨੂੰ ਅਤੇ ਫ਼ਾਜ਼ਿਲਕਾ ਤਹਿਸੀਲ ਦਾ ਕੁਝ ਇਲਾਕਾ ਹਰਿਆਣਾ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ। 30 ਜਨਵਰੀ, 1970 ਨੂੰ ਸੰਤ ਫ਼ਤਹਿ ਸਿੰਘ ਨੇ ਆਪਣਾ ਵਰਤ ਸਮਾਪਤ ਕੀਤਾ। ਚੰਡੀਗੜ੍ਹ ਵਾਲੇ ਫ਼ੈਸਲੇ ਅਤੇ ਰਾਜ ਸਭਾ ਦੀਆਂ ਦੋ ਸੀਟਾਂ ਦੀਆਂ ਚੋਣਾਂ ਦੇ ਸਵਾਲ ਤੇ ਅਕਾਲੀ ਦਲ ਵਿਚ ਮਤਭੇਦ ਹੋ ਗਿਆ। 26 ਮਾਰਚ, 1970 ਨੂੰ ਸ. ਗੁਰਨਾਮ ਸਿੰਘ ਦੀ ਵਜ਼ਾਰਤ ਟੁੱਟ ਗਈ ਅਤੇ ਅਗਲੇ ਦਿਨ ਸ. ਪ੍ਰਕਾਸ਼ ਸਿੰਘ ਬਾਦਲ ਅਧੀਨ ਨਵੀਂ ਅਕਾਲੀ ਵਜ਼ਾਰਤ ਕਾਇਮ ਹੋਈ। ਆਪਸੀ ਫੁਟ ਕਾਰਨ ਅਕਾਲੀ ਦਲ ਦੀ ਇਸ ਚੌਥੀ ਵਜ਼ਾਰਤ ਨੇ ਵੀ 13 ਜੂਨ, 1971 ਨੂੰ ਅਸਤੀਫ਼ਾ ਦੇ ਦਿੱਤਾ।

        ਦਸੰਬਰ, 1971 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਤੇਰ੍ਹਾਂ ਵਿਚੋਂ ਸਿਰਫ਼ ਇਕ ਸੀਟ ਹੀ ਜਿੱਤ ਸਕਿਆ। ਇਸੇ ਤਰ੍ਹਾਂ 12 ਮਾਰਚ, 1972 ਨੂੰ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ 104 ਵਿਚੋਂ ਅਕਾਲੀ ਦਲ ਕੇਵਲ 24 ਸੀਟਾਂ ਹੀ ਪ੍ਰਾਪਤ ਕਰ ਸਕਿਆ ਪਰ 1977 ਦੀਆਂ ਸੰਸਦੀ ਚੋਣਾਂ ਵਿਚ ਅਕਾਲੀ ਦਲ ਦੇ 9 ਐਮ. ਪੀ. ਬਣੇ। ਉਸ ਵੇਲੇ ਦੀ ਸ੍ਰੀ ਮੁਰਾਰਜੀ ਡੇਸਾਈ ਅਧੀਨ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਵਿਚ ਵੀ ਅਕਾਲੀ ਦਲ ਦੇ ਦੋ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਅਤੇ ਸ. ਧੰਨਾ ਸਿੰਘ ਗੁਲਸ਼ਨ ਲਏ ਗਏ ਸਨ। ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ ਵੀ ਅਕਾਲੀ ਦਲ ਨੇ ਬਹੁਗਿਣਤੀ ਪ੍ਰਾਪਤ ਕੀਤੀ ਅਤੇ ਜਨਤ ਪਾਰਟੀ ਨਾਲ ਮਿਲ ਕੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਵਜ਼ਾਰਤ ਕਾਇਮ ਕੀਤੀ। ਸ. ਸੁਰਜੀਤ ਸਿੰਘ ਬਰਨਾਲਾ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਬਣਾਇਆ ਗਿਆ। ਪਹਿਲਾਂ ਸ. ਪ੍ਰਕਾਸ਼ ਸਿੰਘ ਬਾਦਲ ਇਸ ਪਦ ਤੇ ਬਿਰਾਜਮਾਨ ਸਨ ਪਰ ਉਹ ਕੇਂਦਰ ਤੋਂ ਪੰਜਾਬ ਦੀ ਰਾਜਨੀਤੀ ਵਿਚ ਵਾਪਸ ਪਰਤ ਆਏ।

        ਸਮੇਂ ਸਮੇਂ ਅਕਾਲੀ ਦਲ ਨੂੰ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫ਼ਤਹਿ ਸਿੰਘ, ਸੰਤ ਚੰਨਣ ਸਿੰਘ, ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਬਹੁਤ ਵੱਡੇ ਵੱਡੇ ਅਤੇ ਉਚ ਪਾਏ ਦੇ ਨੇਤਾ ਮਿਲਦੇ ਰਹੇ ਹਨ ਜਿਨ੍ਹਾਂ ਦੀ ਇਕੋ ਆਵਾਜ਼ ਨਾਲ ਹਜ਼ਾਰਾਂ ਅਕਾਲੀ ਲੋੜ ਅਨੁਸਾਰ ਵੱਖ ਵੱਖ ਕਿਸਮ ਦੇ ਮੋਰਚੇ ਲਾਉਣ ਲਈ ਇਕ ਦੂਜੇ ਤੋਂ ਅੱਗੇ ਹੋ ਕੇ ਖੜ੍ਹੇ ਹੋਣ ਲਈ ਤਿਆਰ ਰਹੇ ਹਨ।

        ਅਪ੍ਰੈਲ, 1996 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਮਿਲ ਕੇ ਵੱਡੀ ਜਿੱਤ ਜਿੱਤੀ ਅਤੇ 13 ਸੀਟਾਂ ਵਿਚੋਂ ਅਕਾਲੀ ਦਲ ਨੇ 8, ਉਸ ਦੀ ਸਹਿਯੋਗੀ ਪਾਰਟੀ ਬਹੁਜਨ ਸਮਾਜ ਪਾਰਟੀ ਨੇ 3 ਅਤੇ ਕਾਂਗਰਸ ਨੇ ਦੋ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਇਸ ਨਾਲ ਸ੍ਰ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਉੱਚ ਆਗੂ ਵਜੋਂ ਉਭਰੇ।

        ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ (ਸ. ਸਿਮਰਨਜੀਤ ਸਿੰਘ ਮਾਨ), ਅਕਾਲੀ ਦਲ ਪੰਥਕ (ਸੰਤ ਅਜੀਤ ਸਿੰਘ), ਅਕਾਲੀ ਦਲ ਫੇਰੂਮਾਨ (ਮਹੰਤ ਸੇਵਾ ਦਾਸ ਸਿੰਘ) ਆਦਿ ਵੀ ਸਿੱਖਾਂ ਦੀਆਂ ਰਾਜਸੀ ਸੰਸਥਾਵਾਂ ਹਨ ਪਰ ਅਜੋਕੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੀ ਪ੍ਰਮੁੱਖ ਦਲ ਵੱਜੋਂ ਉੱਭਰ ਕੇ ਸਾਹਮਣੇ ਆਇਆ ਹੈ। ਇਸ ਨੇ ਫ਼ਰਵਰੀ, 1997 ਵਿਚ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਵਿਧਾਨ ਸਭਾ (ਪੰਜਾਬ) ਦੀਆਂ ਚੋਣਾਂ ਲੜੀਆਂ ਤੇ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ।

        ਸੰਨ 1999 ਵਿਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਿਚਕਾਰ ਮਤਭੇਦ ਉਭਰਨ ਕਾਰਨ ਸ਼੍ਰੋਮਣੀ ਅਕਾਲੀ ਦਲ ਦੋਫਾੜ ਹੋ ਗਿਆ। ਜਥੇਦਾਰ ਟੌਹੜਾ ਨੇ ਆਪਣੇ ਹਮਾਇਤੀਆਂ ਨਾਲ ਮਿਲ ਕੇ ਆਪਣਾ ਵੱਖਰਾ ਦਲ, ਸਰਬ-ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾ ਲਿਆ। ਇਸ ਫੁੱਟ ਦਾ ਸਿੱਧਾ ਅਸਰ ਸਤੰਬਰ, 1999 ਦੀਆਂ ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਉਪਰ ਪਿਆ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਪੰਜਾਬ ਦੀਆਂ 13 ਸੀਟਾਂ ਵਿਚੋਂ ਸਿਰਫ਼ 3 ਸੀਟਾਂ ਉੱਤੇ ਹੀ ਜਿੱਤ ਪ੍ਰਾਪਤ ਕਰ ਸਕਿਆ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਜਥੇਦਾਰ ਟੌਹੜਾ ਦੇ ਸਹਿਯੋਗ ਨਾਲ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਸ. ਸੁਰਜੀਤ ਸਿੰਘ ਬਰਨਾਲਾ ਤੋਂ ਜਿੱਤ ਕੇ ਆਪਣੇ ਰਾਜਸੀ ਵਕਾਰ ਨੂੰ ਮੁੜ ਉਭਾਰਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-04-32-31, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਵਿ. ਕੋ. -4,

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.